Home
ਨਵਾਂ ਸਾਲ, ਨਵਾਂ ਅਹਿਦ…
ਇਨਸਾਨ ਕਿਸੇ ਵੀ ਉਮਰ, ਦੇਸ਼ ਜਾਂ ਧਰਮ ਦਾ ਹੋਵੇ, ਨਵੇਂ ਸਾਲ ਦਾ ਚਾਅ ਸਭ ਨੂੰ ਹੀ ਹੁੰਦਾ ਹੈ। ਹਰ ਇੱਕ ਦਾ ਮਨ ਨਵੀਆਂ-ਨਵੀਆਂ ਚੀਜ਼ਾਂ ਖਰੀਦਣ ਨੂੰ ਕਰਦਾ ਹੈ, ਘਰ-ਪ੍ਰੀਵਾਰਾਂ ‘ਚ ਨਵੇਂ-ਨਵੇਂ ਰੈਜੂਲੇਸ਼ਨ ਬਣਾਏ ਜਾਂਦੇ ਹਨ। ਨਵੇਂ ਸਾਲ ‘ਚ ਆਹ ਕਰਾਂਗੇ, ਨਵੇਂ ਸਾਲ ‘ਚ ਓਹ ਕਰਾਂਗੇ। ਪਰ ਕੀ ਅਸੀਂ ਕਦੀ ਸੋਚਿਆ ਹੈ ਕਿ ਨਵੇਂ ਸਾਲ ਦੇ ਨਾਲ-ਨਾਲ ਸਾਡੇ ਵਿਚਾਰਾਂ ‘ਚ ਵੀ ਇੱਕ ਨਵਾਂਪਨ, ਇੱਕ ਤਾਜ਼ਗੀ ਆਉਣੀ ਜਰੂਰੀ ਹੈ? ਕੀ ਸਾਡੀ ਸੋਚ ਸਮੇਂ ਦੇ ਨਾਲ-ਨਾਲ ਨਹੀਂ ਬਦਲਣੀ ਚਾਹੀਦੀ? ਆਓ ਨਵੇਂ ਸਾਲ ਦੀ ਆਮਦ ਤੇ ਪ੍ਰਣ ਕਰਦੇ ਹੋਏ ਸਮਾਜ ‘ਚ ਸੁਥਰਾਪਨ ਲਿਆਉਣ ਹਿੱਤ ਹੇਠ ਲਿਖੇ ਕੁਝ ਕਾਰਜਾਂ ਦੀ ਸ਼ੁਰੂਆਤ ਕਰੀਏ।
1) ਸਮਾਜ ਨੂੰ ਨਸ਼ਾ-ਰਹਿਤ ਕਰਨ ਲਈ ਉਪਰਾਲਾ – ਸਾਡੇ ਸਮਾਜ ਨੂੰ ਨਸ਼ਿਆਂ ਦੀ ਭਿਆਨਕ ਬਿਮਾਰੀ ਘੁਣ ਵਾਂਗੂ ਲੱਗ ਚੁੱਕੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਲਾਹਨਤ ਦੀ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੀ ਹੈ। ਨਸ਼ਿਆਂ ਨਾਲ ਜਿਥੇ ਇਨਸਾਨ ਧੰਨ ਦੀ ਬਰਬਾਦੀ ਕਰਦਾ ਹੈ, ਬੇਇਜ਼ਤ ਹੁੰਦਾ ਹੈ, ਸਰੀਰ ਨੂੰ ਭਿਆਨਕ ਰੋਗ ਲਵਾਉਂਦਾ ਹੈ ਓਥੇ ਆਪਣੀ ਮਤਿ ਵੀ ਖੋਹ ਬੈਠਦਾ ਹੈ। ਗੁਰਬਾਣੀ ਦਾ ਫੁਰਮਾਨ ਹੈ: ਜਿਤਿ ਪੀਤੇ ਮਤਿ ਦੂਰਿ ਹੋਏ ਬਰਲ ਪਵੈ ਵਿਚਿ ਆਇ॥ ਆਪਣਾ ਪਰਾਇਆ ਨਾ ਪਛਾਣਈ ਖਸਮੋ ਧਕੇ ਖਾਇ॥ ਐਸਾ ਝੂਠਾ ਮਦਿ ਮੂਲ ਨਾ ਪੀਚਈ ਜੇ ਕਾ ਪਾਰ ਵਸਾਇ॥ (ਅੰਗ 554, ਸ਼੍ਰੀ ਗੁਰੂ ਗ੍ਰੰਥ ਸਹਿਬ ਜੀ) ਅੱਜ ਨੌਜਵਾਨਾਂ ਦੇ ਅਨਮੋਲ ਸਰਮਾਏ ਨੂੰ ਬਚਾਉਣ ਦੀ ਲੋੜ ਹੈ ਨਹੀਂ ਤਾਂ ਨਸ਼ੇ ਸਾਡੀ ਨੌਜਵਾਨ ਪੀੜ੍ਹੀ ਨੂੰ ਦੈਂਤ ਵਾਂਗ ਨਿਗਲ ਜਾਣਗੇ। ਆਉ, ਨਵੇਂ ਸਾਲ ਦੀ ਆਮਦ ਨਾਲ ਅਸੀਂ ਲੋਕਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਹੋਣ ਲਈ ਜਾਗਰੂਕ ਕਰੀਏ ਅਤੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਦਾ ਅਹਿਦ ਲਈਏ।
2) ਭਰੂਣ ਹੱਤਿਆ ਨੂੰ ਠੱਲ ਪਾਉਣਾ ਅਤੇ ਔਰਤਾਂ ਨੂੰ ਸਮਾਜ ‘ਚ ਸਮਾਨਤਾ ਦਿਵਾਉਣਾ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਸਮਾਜ ਵਿਚ ਤਰਸਯੋਗ ਹਾਲਤ ਵੇਖ ਕੇ ਲੋਕਾਂ ਨੂੰ ਉਸ ਦੀ ਮਹਾਨਤਾ ਤੋਂ ਜਾਣੂ ਕਰਾਇਆ। ਬਾਬੇ ਨਾਨਕ ਨੇ ਬ੍ਰਾਹਮਣੀ ਸਮਾਜ ਵਲੋਂ ਔਰਤ ਨੂੰ ਪੈਰ ਦੀ ਜੁੱਤੀ ਕਹਿਣ ਅਤੇ ਅਜਿਹੇ ਹੀ ਕੁਲੈਹਣੇ ਹੋਰ ਨਹੋਰਿਆਂ ਦਾ ਵਿਰੋਧ ਕਰਦਿਆਂ ਸਦੀਆਂ ਤੋਂ ਦੁਰਕਾਰੀ ਅਤੇ ਲਤਾੜੀ ਜਾ ਰਹੀ ਔਰਤ ਦੇ ਸਵੈਮਾਣ ਦੇ ਹੱਕ ‘ਚ ਅਵਾਜ਼ ਬੁਲੰਦ ਕਰਦਿਆਂ ਫੁਰਮਾਇਆ: ਭੰਡਿ ਜੰਮੀਐ ਭੰਡ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੇ ਬੰਧਾਨ ॥ ਸੋ ਕਿਉਂ ਮੰਦਾ ਆਖੀਐ ਜਿਤਿ ਜੰਮੈ ਰਾਜਾਨ ॥ (ਅੰਗ 473, ਸ਼੍ਰੀ ਗੁਰੂ ਗ੍ਰੰਥ ਸਹਿਬ ਜੀ) ਸਿੱਖੀ ਸਿਧਾਂਤਾਂ ਦੇ ਉਲਟ ਸਿੱਖ ਪ੍ਰੀਵਾਰਾਂ ਵਿੱਚ ਵੀ ਭਰੂਣ ਹੱਤਿਆ ਵਰਗੀ ਬੁਰਾਈ ਚੰਗੀ ਤਰ੍ਹਾਂ ਘਰ ਕਰ ਚੁੱਕੀ ਹੈ। ਕਹਣਿ ਨੂੰ ਭਾਵੇਂ ਸਿੱਖ ਸਮਾਜ ਵਿਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਹਾਸਲ ਹੈ ਪ੍ਰੰਤੂ ਬਹੁਤੇ ਸਿੱਖ ਪਰਿਵਾਰਾਂ ‘ਚ ਅਮਲੀ ਤੌਰ ‘ਤੇ ਇਸ ਦੀ ਹਾਲਤ ਅੱਜ ਵੀ ਬਹੁਤੀ ਚੰਗੀ ਨਹੀਂ ਹੈ ਅਤੇ ਬਹੁਤ ਸਾਰੇ ਸਿੱਖ ਪ੍ਰੀਵਾਰ ਔਰਤ ਨੂੰ ਅੱਜ ਵੀ ਸਮਾਜ ‘ਚ ਮਰਦ ਦੇ ਬਰਾਬਰ ਦਾ ਹੱਕ ਨਹੀਂ ਦਿੰਦੇ। ਜੇਕਰ ਮਰਦ ਗੁਰਬਾਣੀ ਦਾ ਪਾਠ, ਕਥਾ ਕੀਰਤਨ ਅਤੇ ਗੁਰੂ ਘਰ ਸੇਵਾ ਕਰ ਸਕਦਾ ਹੈ ਤਾਂ ਔਰਤ ਵੀ ਇਹ ਸਭ ਕੁਝ ਕਰ ਸਕਦੀ ਹੈ ਪਰ ਸੰਪ੍ਰਦਾਈ ਤੇ ਕੇਸਾਧਾਰੀ ਬ੍ਰਾਹਮਣੀ ਵਿਚਾਰਧਾਰਾ ਦੇ ਮੁਦੱਈ ਅਖੌਤੀ ਸਿੱਖ ਆਗੂਆਂ ਨੇ ਬ੍ਰਹਾਮਣਾਂ ਵਾਂਗ ਹੀ ਸਿੱਖ ਔਰਤਾਂ ਤੇ ਵੀ ਅਜਿਹੀ ਮੰਨੂਵਾਦੀ ਪਾਬੰਦੀ ਲਾ ਰੱਖੀ ਹੈ ਜਿਸ ਨੂੰ ਰਲ ਕੇ ਤੋੜਨ ਦੀ ਲੋੜ ਹੈ ਕਿਉਂਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਵੀ ਔਰਤਾਂ ਨੂੰ ਸਮਾਨਤਾ ਦਿੰਦਿਆਂ ਬੀਬੀਆਂ ਨੂੰ 52 ਪੀਹੜੇ ਬਖਸ਼ੇ ਅਤੇ ਸਮਾਜ ‘ਚ ਪ੍ਰਚਲਤ ਸਤੀ ਦੀ ਪ੍ਰਥਾ ਦਾ ਸਖਤੀ ਨਾਲ ਵਿਰੋਧ ਕੀਤਾ। ਅਫਸੋਸ ਹੈ ਕਿ ਅਜੋਕਿ ਸਮੇਂ ਦੇ ਸਿੱਖ, ਗੁਰੁ ਸਾਹਿਬਾਨ ਦੁਆਰਾ ਦੱਸੇ ਗਏ ਮਾਰਗ ਦੇ ਉਲਟ ਔਰਤ ਦਾ ਨਿਰਾਦਰ ਕਰਨ ਤੋਂ ਕੋਈ ਸੰਕੋਚ ਨਹੀਂ ਕਰਦੇ। ਅੱਜ ਦੇ ਪੰਜਾਬੀ ਕਲਾਕਾਰ ਵੀ ਆਪਣੇ ਗਾਣਿਆਂ ਦੀਆਂ ਵੀਡੀਉ ‘ਚ ਔਰਤ ਨੂੰ ਬਾਜ਼ਾਰੂ ਵਸਤੂ ਵਾਂਗ ਪੇਸ਼ ਕਰ ਰਹੇ ਹਨ। ਔਰਤਾਂ ਲਈ ਅਸ਼ਲੀਲ ਸ਼ਬਦਾਵਲੀ ਵਰਤ ਕੇ ਔਰਤ ਦਾ ਮਜ਼ਾਕ ਉਡਾ ਰਹੇ ਹਨ। ਬੀਤੇ ਦਿਨੀਂ ਇਸਤਰੀ ਜਾਗ੍ਰਿਤੀ ਮੰਚ ਨੇ ਇੱਕ ਇਹੋ ਜਿਹੇ ਪੰਜਾਬੀ ਗਾਇਕ ਦੇ ਘਰ ਅੱਗੇ ਵਿਸ਼ਾਲ ਧਰਨਾ ਦੇ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਔਰਤਾਂ ਹੁਣ ਹੱਥ ਤੇ ਹੱਥ ਧਰਕੇ ਨਹੀਂ ਬੈਠਣਗੀਆਂ। ਔਰਤਾਂ ਨੇ ਹੁਣ ਆਪਣੇ ਮਾਣ ਸਨਮਾਨ ਨੂੰ ਕਾਇਮ ਰੱਖਣ ਲਈ ਵੱਡੀ ਪੱਧਰ ਤੇ ਲਾਮਬੰਦ ਹੋ ਕੇ ਕੁੜੀਆਂ ਬਾਰੇ ਊਟ ਪਟਾਂਗ ਗੀਤ ਗਾ ਕੇ ਪ੍ਰਸਿੱਧੀ ਖੱਟਣ ਵਾਲੇ ਲਾਲਚੀ ਪੰਜਾਬੀ ਗਾਇਕਾਂ ਵਿਰੁੱਧ ਡੱਟਣ ਲਈ ਬਿਗਲ ਵਜਾ ਦਿੱਤਾ ਹੈ। ਨਵੇਂ ਸਾਲ ਦੇ ਸ਼ੁਭ ਮੌਕੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਨੂੰ ਵੀ ਗੁਰੂ ਨਾਨਕ ਦੀ ਸੋਚ ਤੇ ਪਹਿਰਾ ਦਿੰਦਿਆਂ ਮਾਦਾ ਭਰੂਣ ਹੱਤਿਆ ਨੂੰ ਠੱਲ ਪਾਉਣ ਅਤੇ ਔਰਤ ਨੂੰ ਮਰਦ ਦੇ ਬਰਾਬਰ ਦਾ ਹੱਕ ਦਿਵਾਉਣ ਲਈ ਆਪਣੇ ਪ੍ਰੀਵਾਰ, ਮਹੁੱਲੇ ਅਤੇ ਪਿੰਡ ਤੋਂ ਕਾਰਜ਼ਸ਼ੀਲ ਹੋ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਜਦੋਂ ਤੱਕ ਅਸੀਂ ਆਪਣੀ ਜਿੰਦਗੀ ‘ਚ ਜਾਂ ਸਮਾਜ ‘ਚ ਕੋਈ ਸੁਥਰਾਪਨ ਨਹੀਂ ਲਿਆਉਂਦੇ ਤੱਦ ਤੱਕ ” ਨਵਾਂ ਸਾਲ ਮੁਬਾਰਕ ” ਇੱਕ ਮਹਿਜ ਰਸਮੀ ਵਾਕੰਸ਼ ਜਾਂ ਸ਼ਬਦ ਸਮੂਹ ਹੀ ਰਹਿ ਜਾਵੇਗਾ। ਨਵਾਂ ਸਾਲ ਮੁਬਾਰਕ ਜਾਂ ਭਾਗਾਂਵਾਲਾ ਤਾਂ ਹੀ ਹੋ ਸਕਦਾ ਹੈ ਜੇਕਰ ਅਸੀ ਬਾਬੇ ਨਾਨਕ ਦੀ ਸੱਚੀ, ਸੁੱਚੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਅਪਣਾਈਏ ਅਤੇ ਉਸ ਦਾ ਪ੍ਰਚਾਰ ਅਮਲੀ ਰੂਪ ਵਿੱਚ ਕਰੀਏ।
~ ਕੁਲਜੀਤ ਸਿੰਘ ਜੰਜੂਆ ~
ਫੋਨ: 416.473.7283
Read More...